Date: 26-04-2024
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਈਦ-ਉਲ-ਫ਼ਿਤਰ ਅਤੇ ਇਫ਼ਤਾਰ ਪਾਰਟੀ ਸਬੰਧੀ ਸਮਾਗਮ ਕਰਵਾਇਆ ਗਿਆ।
ਜੋਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾ ਪੂਰਵਕ ਸੰਪੂਰਣ ਹੋਇਆ।
ਇਸ ਮੌਕੇ ਸੁਰਿੰਦਰ ਕੌਰ (ਸਹਾਇਕ ਪ੍ਰੋਫੈਸਰ, ਅੰਗਰੇਜ਼ੀ ਵਿਭਾਗ) ਨੇ ਮੰਚ ਸੰਚਾਲਨ ਕਰਦਿਆਂ ਇਸ ਸਮਾਗਮ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਈਦ-ਉਲ-ਫ਼ਿਤਰ ਦੇ ਪਾਵਨ ਮੌਕੇ ਯੂਨੀਵਰਸਿਟੀ ਵਲੋਂ ਇਫ਼ਤਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫੈਸਰ,ਪੰਜਾਬੀ ਵਿਭਾਗ ਅਤੇ ਮੁਖੀ ਹਿਊਮੈਨੀਟੀਜ਼) ਨੇ ਇਸਲਾਮ ਵਿਚ ਰਮਜ਼ਾਨ ਮਹੀਨੇ ਦੀ ਪਵਿੱਤਰਤਾ, ਰੋਜ਼ਿਆਂ ਅਤੇ ਈਦ-ਉਲ-ਫ਼ਿਤਰ ਦੇ ਧਾਰਮਿਕ-ਅਧਿਆਤਮਕ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਨੇ ਸਮਾਵੇਸ਼ੀ ਸਭਿਆਚਾਰ, ਭਾਈਚਾਰਕ ਸਾਂਝ ਅਤੇ ਪ੍ਰੇਮ ਭਾਵ ਨੂੰ ਇਸਲਾਮ-ਧਰਮ ਦਾ ਆਧਾਰ ਬਿੰਦੂ ਦੱਸਿਆ। ਉਹਨਾਂ ਦੱਸਿਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੁਆਰਾ ਉਲੀਕਿਆ ਇਹ ਸਮਾਗਮ ਸਿੱਖ ਗੁਰੂ ਸਾਹਿਬਾਨਾਂ ਦੇ ਮਾਨਵਵਾਦੀ ਸੰਦੇਸ਼ ਦੀ ਪਾਲਣਾ ਕਰਦਾ ਹੈ। ਵੱਖ-ਵੱਖ ਸਭਿਅਤਾਵਾਂ, ਸਭਿਆਚਾਰਾਂ, ਫ਼ਿਰਕਿਆਂ ਅਤੇ ਧਰਮਾਂ ਵਿਚ ਸਹਿ-ਹੋਂਦ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਦੀ ਖ਼ਸਲਤ ਹੈ। ਉਹਨਾਂ ਨੇ ਈਦ-ਉਲ-ਫ਼ਿਤਰ ਦੇ ਇਤਿਹਾਸ, ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਡਾ. ਧਰਮਜੀਤ ਸਿੰਘ ਪਰਮਾਰ ਜੀ,ਵਾਈਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਡਾ. ਅਨੀਤ ਕੁਮਾਰ ਰਜਿਸਟਰਾਰ, ਡਾ. ਵਿਜੈ ਧੀਰ ਡੀਨ ਅਕਾਦਮਿਕ, ਸ. ਰਣਜੀਤ ਸਿੰਘ (ਪ੍ਰਿੰਸੀਪਲ) ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਫ਼ਤਾਰ ਦੇ ਖਾਣੇ ਵਿਚ ਸ਼ਿਰਕਤ ਕੀਤੀ।